ਬੈਲਜੀਅਮ, 31 ਅਕਤੂਬਰ — ਪਰਮਜੀਤ ਸਿੰਘ ਕੰਗ — ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਦਾ ਵਿਰੋਧ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਪੰਜ ਪਿਆਰਿਆਂ ਵਿੱਚੋਂ ਭਾਈ ਮੇਜਰ ਸਿੰਘ ਇਨ੍ਹੀਂ ਦਿਨੀਂ ਬੈਲਜੀਅਮ ਦੇ ਦੌਰੇ ’ਤੇ ਆਏ ਹੋਏ ਹਨ।

ਉਸ ਵੇਲੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਬਾਦਲ ਦਲ ਦੀ ਭੂਮਿਕਾ ’ਤੇ ਵੱਡੇ ਸਵਾਲ ਉੱਠੇ ਸਨ। ਗਿਆਨੀ ਗੁਰਮੁਖ ਸਿੰਘ ਨੇ ਬਾਅਦ ਵਿੱਚ ਜਨਤਕ ਤੌਰ ’ਤੇ ਦੋਸ਼ ਲਾਇਆ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ’ਤੇ ਸੱਦ ਕੇ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਕਿਹਾ ਗਿਆ ਸੀ। ਇਸ ਮਗਰੋਂ 24 ਸਤੰਬਰ 2015 ਨੂੰ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਾ ਫ਼ੈਸਲਾ ਸੁਣਾਇਆ ਗਿਆ।

ਇਸ ਫ਼ੈਸਲੇ ਦਾ ਸਿੱਖ ਸੰਗਤ ਵੱਲੋਂ ਭਾਰੀ ਵਿਰੋਧ ਹੋਇਆ। ਸ਼੍ਰੋਮਣੀ ਕਮੇਟੀ ਨੇ ਮੁਆਫ਼ੀ ਦੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਅਖ਼ਬਾਰੀ ਇਸ਼ਤਿਹਾਰਾਂ ’ਤੇ ਗੋਲਕ ਵਿੱਚੋਂ ਲਗਭਗ 91 ਲੱਖ ਰੁਪਏ ਖ਼ਰਚ ਕੀਤੇ। ਸੰਗਤ ਦਾ ਰੋਸ ਵਧਣ ਮਗਰੋਂ 16 ਅਕਤੂਬਰ 2015 ਨੂੰ ਮੁਆਫ਼ੀ ਵਾਪਸ ਲੈ ਲਈ ਗਈ।

ਭਾਈ ਮੇਜਰ ਸਿੰਘ ਸਮੇਤ ਪੰਜ ਪਿਆਰਿਆਂ ਨੇ ਰਾਮ ਰਹੀਮ ਨੂੰ ਦਿੱਤੀ ਮੁਆਫ਼ੀ ਦਾ ਡਟਵਾਂ ਵਿਰੋਧ ਕਰਦਿਆਂ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ। ਇਸ ਸਟੈਂਡ ਮਗਰੋਂ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਾਲੀ ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਖ਼ਿਲਾਫ਼ ਮੁਅੱਤਲੀ ਅਤੇ ਬਦਲੀਆਂ ਦੀ ਕਾਰਵਾਈ ਕੀਤੀ। ਇਹ ਟਕਰਾਅ ਅੱਗੇ ਚੱਲ ਕੇ ਬਰਖ਼ਾਸਤਗੀ ਦੀ ਕਾਰਵਾਈ ਤੱਕ ਪਹੁੰਚਿਆ। ਭਾਈ ਮੇਜਰ ਸਿੰਘ ਇਸ ਪੂਰੇ ਸੰਘਰਸ਼ ਵਿੱਚ ਆਪਣੇ ਸਾਥੀਆਂ ਨਾਲ ਖੜ੍ਹੇ ਰਹੇ।

ਇਸੇ ਦੌਰ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਦੀ ਗੋਲੀ ਨਾਲ ਦੋ ਸਿੱਖਾਂ ਦੀ ਮੌਤ ਨੇ ਸੰਗਤ ਦੇ ਰੋਸ ਨੂੰ ਹੋਰ ਵਧਾ ਦਿੱਤਾ ਸੀ। ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਦੇ ਕਈ ਮੈਂਬਰਾਂ ਨੇ ਵੀ ਅਸਤੀਫ਼ੇ ਦਿੱਤੇ ਸਨ। ਗਿਆਨੀ ਗੁਰਬਚਨ ਸਿੰਘ ਖ਼ਿਲਾਫ਼ ਵਿਰੋਧ ਕਰਨ ਵਾਲੇ ਰਾਗੀਆਂ ਭਾਈ ਕਾਰਜ ਸਿੰਘ ਅਤੇ ਭਾਈ ਹਰਚਰਨ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ।

ਪੰਜ ਪਿਆਰਿਆਂ ਨੇ ਉਸ ਵੇਲੇ ਆਪਣੀਆਂ ਨੌਕਰੀਆਂ, ਤਨਖ਼ਾਹਾਂ ਅਤੇ ਫੰਡਾਂ ਦੀ ਪਰਵਾਹ ਕੀਤੇ ਬਿਨਾਂ ਗੁਰੂ ਪੰਥ ਅਤੇ ਸਿੱਖੀ ਸਿਧਾਂਤਾਂ ਨੂੰ ਪਹਿਲ ਦਿੰਦਿਆਂ ਮੁਆਫ਼ੀ ਦੇ ਫ਼ੈਸਲੇ ਦਾ ਵਿਰੋਧ ਕੀਤਾ। ਆਪਣੇ ਖ਼ਿਲਾਫ਼ ਕਾਰਵਾਈ ਦੇ ਬਾਵਜੂਦ ਉਹ ਆਪਣੇ ਸਟੈਂਡ ’ਤੇ ਕਾਇਮ ਰਹੇ। ਸੂਤਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਭਾਈ ਮੇਜਰ ਸਿੰਘ ਸਮੇਤ ਪੰਜ ਪਿਆਰਿਆਂ ਦੇ ਫੰਡਾਂ ਦੇ ਬਕਾਏ ਅਜੇ ਤੱਕ ਨਹੀਂ ਮਿਲੇ।

ਉਸ ਸਮੇਂ ਮੁਆਫ਼ੀ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਭਾਈ ਮੇਜਰ ਸਿੰਘ ਹੁਣ ਬੈਲਜੀਅਮ ਆਏ ਹੋਏ ਹਨ।