Sint-Truiden ਦੇ ਗੁਰਦੁਆਰਾ ਸੰਗਤ ਸਾਹਿਬ ਵਿਖੇ ਸਾਂਝੀ ਫਾਈਲ ਤਿਆਰ ਕਰਨ ਅਤੇ ਆਪਸੀ ਮਤਭੇਦ ਸੁਲਝਾਉਣ ਲਈ ਹੋਵੇਗੀ ਮੀਟਿੰਗ

ਬੈਲਜੀਅਮ | sidak official - ਬੈਲਜੀਅਮ ਵਿੱਚ ਵੱਸਦੀ ਸਮੂਹ ਸਿੱਖ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 25 ਅਕਤੂਬਰ 2026, ਐਤਵਾਰ ਨੂੰ ਦੁਪਹਿਰ 3 ਵਜੇ ਗੁਰਦੁਆਰਾ ਸੰਗਤ ਸਾਹਿਬ, ਸਿੰਟ-ਟਰੂਡਨ ਵਿਖੇ ਹੋਣ ਵਾਲੇ ਅਹਿਮ ਇਕੱਠ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰੀ ਜਾਵੇ। ਇਸ ਇਕੱਠ ਦਾ ਮੁੱਖ ਮਕਸਦ ਬੈਲਜੀਅਮ ਵਿੱਚ ਸਿੱਖ ਧਰਮ ਦੀ ਸਰਕਾਰੀ ਮਾਨਤਾ ਲਈ ਸਾਂਝੀ ਫਾਈਲ ਤਿਆਰ ਕਰਨ ਅਤੇ ਵੱਖ-ਵੱਖ ਧਿਰਾਂ ਵਿਚਕਾਰ ਆਪਸੀ ਸਹਿਮਤੀ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨਾ ਹੈ।

ਇਹ ਕਾਰਜ ਕਿਸੇ ਇੱਕ ਵਿਅਕਤੀ, ਜਥੇਬੰਦੀ ਜਾਂ ਦੋ-ਤਿੰਨ ਧਿਰਾਂ ਦਾ ਨਿੱਜੀ ਕਾਰਜ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਅਤੇ ਗੁਰੂ ਪੰਥ ਦਾ ਸਾਂਝਾ ਕਾਰਜ ਹੈ। ਇਸ ਲਈ ਜ਼ਰੂਰੀ ਹੈ ਕਿ ਸਿਰਫ਼ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੀ ਨਹੀਂ, ਸਗੋਂ ਆਮ ਸਿੱਖ ਪਰਿਵਾਰ ਵੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ।

ਅਕਸਰ ਕੁਝ ਧਿਰਾਂ ਆਪਸ ਵਿੱਚ ਬੈਠ ਕੇ ਫ਼ੈਸਲੇ ਲੈ ਲੈਂਦੀਆਂ ਹਨ ਅਤੇ ਬਾਅਦ ਵਿੱਚ ਸਮੁੱਚੀ ਸੰਗਤ ਨੂੰ ਉਨ੍ਹਾਂ ਬਾਰੇ ਪਤਾ ਲੱਗਦਾ ਹੈ। ਇਸ ਲਈ ਬਿਹਤਰ ਹੋਵੇਗਾ ਕਿ ਇਸ ਵਾਰ ਸੰਗਤ ਖ਼ੁਦ ਹਾਜ਼ਰ ਹੋ ਕੇ ਆਪਣੀ ਰਾਏ, ਸਵਾਲ ਅਤੇ ਸੁਝਾਅ ਰੱਖੇ, ਤਾਂ ਜੋ ਭਵਿੱਖ ਵਿੱਚ ਕਿਸੇ ਨੂੰ ਇਹ ਸ਼ਿਕਾਇਤ ਨਾ ਰਹੇ ਕਿ ਫ਼ੈਸਲੇ ਸੰਗਤ ਦੀ ਸਹਿਮਤੀ ਤੋਂ ਬਿਨਾਂ ਲਏ ਗਏ।

ਬੈਲਜੀਅਮ ਵਿੱਚ ਸਿੱਖ ਧਰਮ ਦੀ ਸਰਕਾਰੀ ਮਾਨਤਾ ਲਈ ਪਿਛਲੇ ਸਮੇਂ ਦੌਰਾਨ ਵੱਖ-ਵੱਖ ਯਤਨ ਕੀਤੇ ਗਏ ਹਨ, ਪਰ ਆਪਸੀ ਮਤਭੇਦਾਂ ਕਾਰਨ ਸਾਂਝੀ ਸਹਿਮਤੀ ਬਣਾਉਣ ਵਿੱਚ ਮੁਸ਼ਕਲਾਂ ਆਈਆਂ ਹਨ। ਹੁਣ ਇਸ ਮੀਟਿੰਗ ਰਾਹੀਂ ਵੱਖ-ਵੱਖ ਧਿਰਾਂ ਨੂੰ ਇੱਕ ਮੰਚ ਉੱਤੇ ਲਿਆ ਕੇ ਗੱਲਬਾਤ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਸੰਗਤ ਨੂੰ ਵੀ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਸਰਕਾਰੀ ਮਾਨਤਾ ਲਈ ਹੁਣ ਤੱਕ ਕੀ ਯਤਨ ਹੋਏ ਹਨ, ਅੱਗੇ ਕਿਹੜੇ ਕਦਮ ਚੁੱਕਣੇ ਹਨ ਅਤੇ ਇਸ ਨਾਲ ਸਿੱਖ ਭਾਈਚਾਰੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਲਾਭ ਹੋ ਸਕਦੇ ਹਨ।

ਜੇਕਰ ਸਮੁੱਚੀ ਸੰਗਤ ਇਕੱਠੀ ਹੋ ਕੇ ਸਿਰ ਜੋੜ ਕੇ ਬੈਠੇਗੀ, ਇੱਕ-ਦੂਜੇ ਦੇ ਵਿਚਾਰ ਸੁਣੇਗੀ ਅਤੇ ਆਪਸੀ ਸਹਿਮਤੀ ਨਾਲ ਅੱਗੇ ਵਧੇਗੀ, ਤਾਂ ਹੀ ਇਸ ਕੌਮੀ ਕਾਰਜ ਨੂੰ ਸਫਲ ਬਣਾਉਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ।

ਮੀਟਿੰਗ ਦਾ ਵੇਰਵਾ

ਤਰੀਕ: ਐਤਵਾਰ, 25 ਅਕਤੂਬਰ 2026 ਸਮਾਂ: ਦੁਪਹਿਰ 3 ਵਜੇ ਸਥਾਨ: ਗੁਰਦੁਆਰਾ ਸੰਗਤ ਸਾਹਿਬ, ਸਿੰਟ-ਟਰੂਡਨ, ਬੈਲਜੀਅਮ।

ਪੰਥਕ ਦਰਦੀ ਨੌਜਵਾਨਾਂ ਵੱਲੋਂ ਉਪਰਾਲਾ

ਇਸ ਕੌਮੀ ਕਾਰਜ ਲਈ ਪੰਥਕ ਦਰਦੀ ਨੌਜਵਾਨਾਂ ਮਨਜੋਤ ਸਿੰਘ, ਗੁਰਦਿਆਲ ਸਿੰਘ ਢਕਾਣਸੂ ਅਤੇ ਪ੍ਰਿਥੀਪਾਲ ਸਿੰਘ ਪਟਵਾਰੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਕੱਠ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਇਨ੍ਹਾਂ ਵੱਲੋਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਆਪਸੀ ਮਤਭੇਦ ਪਾਸੇ ਰੱਖ ਕੇ 25 ਅਕਤੂਬਰ ਨੂੰ ਜ਼ਰੂਰ ਪਹੁੰਚਿਆ ਜਾਵੇ।

ਇਹ ਸਮੁੱਚੇ ਗੁਰੂ ਪੰਥ ਦਾ ਸਾਂਝਾ ਕਾਰਜ ਹੈ। ਆਓ, ਸਾਰੇ ਰਲ-ਮਿਲ ਕੇ ਇਸ ਨੂੰ ਸਿਰੇ ਚਾੜ੍ਹਨ ਲਈ ਆਪਣਾ ਯੋਗਦਾਨ ਪਾਈਏ।

sidak official— ਹੱਕ ਸੱਚ ਦੀ ਆਵਾਜ਼ ਸਾਨੂੰ YouTube ਤੇ ਵੀ subscriber ਕਰੋ ਜੇ ਕੋਈ interview ਜਾਂ podcast ਕਰਨਾ ਹੋਵੇ ਸਾਡੇ ਨਾਲ ਸੰਪਰਕ ਕਰੋ ਨੰਬਰ . +32484035866