Brussels, 7 ਅਕਤੂਬਰ 2026 (ਪਰਮਜੀਤ ਸਿੰਘ ਕੰਗ) — Saint-Gilles ਵਿੱਚ ਤਿੰਨ ਅਤੇ ਨੌਂ ਸਾਲ ਦੇ ਦੋ ਬੱਚਿਆਂ ਦੀ ਮਾਂ ਆਪਣੇ apartment ਵਿੱਚ ਮ੍ਰਿਤਕ ਮਿਲੀ ਹੈ। ਸਕੂਲ ਦੀ ਛੁੱਟੀ ਮਗਰੋਂ ਬੱਚੇ ਨੂੰ ਲੈਣ ਕੋਈ ਨਾ ਆਇਆ ਤਾਂ ਸਕੂਲ ਨੇ ਪੁਲਿਸ ਨੂੰ ਸੂਚਨਾ ਦਿੱਤੀ। ਨਗਰਪਾਲਿਕਾ ਨੇ ਔਰਤ ਦੀ ਹੱਤਿਆ ਦਾ ਸ਼ੱਕ ਪ੍ਰਗਟਾਇਆ ਹੈ।

ਘਟਨਾ ਮੰਗਲਵਾਰ 6 ਅਕਤੂਬਰ ਦੀ ਹੈ। ਵੱਡਾ ਬੱਚਾ ਸਕੂਲ ਵਿੱਚ ਆਪਣੇ ਮਾਪਿਆਂ ਦੀ ਉਡੀਕ ਕਰਦਾ ਰਿਹਾ। ਜਦੋਂ ਕੋਈ ਉਸ ਨੂੰ ਲੈਣ ਨਾ ਪਹੁੰਚਿਆ ਤਾਂ ਅਧਿਆਪਕਾਂ ਨੇ ਪੁਲਿਸ ਨਾਲ ਸੰਪਰਕ ਕੀਤਾ। ਛੋਟਾ ਬੱਚਾ ਕਿਸੇ ਹੋਰ ਸਕੂਲ ਵਿੱਚ ਪੜ੍ਹਦਾ ਹੈ।

ਪੁਲਿਸ ਪਰਿਵਾਰ ਦੇ ਘਰ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਬਾਅਦ ਵਿੱਚ ਰਾਤ ਲਗਭਗ 11:25 ਵਜੇ ਮਾਂ ਦੀ ਲਾਸ਼ ਅੰਦਰੋਂ ਮਿਲੀ। ਪੁਲਿਸ ਰਾਤ ਭਰ ਮੌਕੇ ਉੱਤੇ ਜਾਂਚ ਕਰਦੀ ਰਹੀ।

ਮੁੱਢਲੀ ਜਾਣਕਾਰੀ ਵਿੱਚ ਔਰਤ ਦੀ ਗਰਦਨ ਉੱਤੇ ਗੰਭੀਰ ਜ਼ਖ਼ਮ ਹੋਣ ਦੀ ਗੱਲ ਸਾਹਮਣੇ ਆਈ ਹੈ। ਜ਼ਖ਼ਮਾਂ ਅਤੇ ਮੌਤ ਦੇ ਸਹੀ ਕਾਰਨ ਦੀ ਸਰਕਾਰੀ ਵਕੀਲ ਦੇ ਦਫ਼ਤਰ ਵੱਲੋਂ ਅਧਿਕਾਰਤ ਪੁਸ਼ਟੀ ਹਾਲੇ ਬਾਕੀ ਹੈ।

ਔਰਤ ਦੇ ਸਾਥੀ ਦੀ ਸੰਭਾਵੀ ਭੂਮਿਕਾ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ, ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਬੁੱਧਵਾਰ ਸਵੇਰ ਤੱਕ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਮਿਲੀ ਸੀ। ਮਾਮਲੇ ਦੀ ਜਾਂਚ Brussels ਦੀ ਸੰਘੀ ਨਿਆਂਇਕ ਪੁਲਿਸ ਕਰ ਰਹੀ ਹੈ।

ਮੇਅਰ Jean Spinette ਅਤੇ ਸਿੱਖਿਆ ਸਬੰਧੀ ਨਗਰ ਅਧਿਕਾਰੀ Catherine François ਨੇ ਮਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਦੋਵਾਂ ਬੱਚਿਆਂ ਦੀ ਦੇਖਭਾਲ ਅਤੇ ਮਨੋਵਿਗਿਆਨਕ ਸਹਾਇਤਾ ਲਈ ਬਾਲ ਸੁਰੱਖਿਆ ਸੇਵਾਵਾਂ ਅਤੇ ਸਬੰਧਤ ਟੀਮਾਂ ਕੰਮ ਕਰ ਰਹੀਆਂ ਹਨ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵੀ ਸਹਾਇਤਾ ਦਾ ਪ੍ਰਬੰਧ ਕੀਤਾ ਗਿਆ ਹੈ।

ਨਗਰਪਾਲਿਕਾ ਨੇ ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਯਤਨ ਜਾਰੀ ਰੱਖਣ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਮੌਤ ਦੇ ਹਾਲਾਤ ਅਤੇ ਜ਼ਿੰਮੇਵਾਰ ਵਿਅਕਤੀ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਸਰੋਤ : BX1/Belga⁠ The Brussels Times⁠